- ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਿੱਜ਼ੀ ਤੌਰ ਉੱਤੇ ਸ਼੍ਰੀ ਭੈਣੀ ਸਾਹਿਬ ਦਰਬਾਰ ਵਿਖੇ ਪਹੁੰਚ ਕੇ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਿਗੁਰੂ ਉਦੇ ਸਿੰਘ ਨੂੰ ਸੌਂਪਿਆ ਪੱਤਰ
ਸ਼੍ਰੀ ਭੈਣੀ ਸਾਹਿਬ, (ਸੰਜੇ ਮਿੰਕਾ) – ਸ਼੍ਰੀ ਭੈਣੀ ਸਾਹਿਬ ਵਿਖੇ ਲੱਗੀ ਹਾਕੀ ਐਸਟ੍ਰੋਟਰਫ ਨੂੰ ਨਵਿਆਉਣ ਲਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਦੀ ਪਹਿਲੀ ਕਿਸ਼ਤ 50 ਲੱਖ ਰੁਪਏ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਮਨਜੂਰੀ ਪੱਤਰ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਕੈਬਿਨੇਟ ਮੰਤਰੀ ਸ੍ਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਨਿੱਜ਼ੀ ਤੌਰ ਉੱਤੇ ਸ਼੍ਰੀ ਭੈਣੀ ਸਾਹਿਬ ਦਰਬਾਰ ਵਿਖੇ ਪਹੁੰਚ ਕੇ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਿਗੁਰੂ ਉਦੇ ਸਿੰਘ ਨੂੰ ਸੌਂਪਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ ਰਾਣਾ ਸੋਢੀ ਨੇ ਦੱਸਿਆ ਕਿ ਸ਼੍ਰੀ ਭੈਣੀ ਸਾਹਿਬ ਦੀ ਖੇਡਾਂ ਦੇ ਖੇਤਰ ਵਿੱਚ ਦਿੱਤੀ ਜਾ ਰਹੀ ਵਡਮੁੱਲੀ ਸੇਵਾ ਦੀ ਪੰਜਾਬ ਸਰਕਾਰ ਕਦਰ ਕਰਦੀ ਹੈ। ਇਸ ਸੰਪਰਦਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਿਰ ਮੱਥੇ ਰੱਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਇਹ ਐਸਟ੍ਰੋਟਰਫ ਨੂੰ ਨਵਿਆਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਖੇਡ ਵਿਭਾਗ ਦੇ ਫੁੱਟਬਾਲ ਅਤੇ ਹੋਰ ਖੇਡਾਂ ਨਾਲ ਸਬੰਧਤ ਕੋਚ ਵੀ ਸਮੇਂ ਸਮੇਂ ਉਤੇ ਏਥੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ ਤਾਂ ਜੌ ਇਸ ਖਿੱਤੇ ਵਿੱਚ ਖੇਡਾਂ ਦਾ ਵਿਕਾਸ ਹੋ ਸਕੇ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡਾਂ ਦਾ ਵਿਕਾਸ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਹੀ ਜਿੱਥੇ ਤਮਗਾ ਜੇਤੂ ਖਿਡਾਰੀਆਂ ਨੂੰ ਇਨਾਮ ਦੀ ਰਾਸ਼ੀ 25 ਲੱਖ ਤੋਂ ਵਧਾ ਕੇ 1 ਕਰੋੜ ਕਰ ਦਿੱਤੀ ਗਈ ਹੈ, ਉਥੇ ਹੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿਚ 3 ਫੀਸਦੀ ਵਿਸ਼ੇਸ਼ ਤੌਰ ਉੱਤੇ ਕੋਟਾ ਨਿਰਧਾਰਤ ਕੀਤਾ ਗਿਆ ਹੈ।ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾੲਿਕ ਸ੍ਰ ਨਵਤੇਜ ਸਿੰਘ ਚੀਮਾ, ਨਾਮਧਾਰੀ ਦਰਬਾਰ ਵੱਲੋਂ ਸ਼੍ਰੀ ਐਚ ਐੱਸ ਹੰਸਪਾਲ, ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਦਰੋਣਾਚਾਰੀਆ ਕੋਚ ਸ੍ਰ ਬਲਦੇਵ ਸਿੰਘ, ਓਲੰਪੀਅਨ ਸ੍ਰ ਹਰਦੀਪ ਸਿੰਘ ਗਰੇਵਾਲ, ਐਡਵੋਕੇਟ ਸ੍ਰ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ। ਇਸ ਮੌਕੇ ਬੱਚਿਆਂ ਦਾ ਫੁੱਟਬਾਲ ਸ਼ੋ ਮੈਚ ਵੀ ਕਰਵਾਇਆ ਗਿਆ।ਸਬੰਧਤ ਤਸਵੀਰਾਂ ਅਤੇ ਵੀਡੀਓ ਕਲਿੱਪ ਵਟਸਐਪ ਰਾਹੀਂ ਭੇਜੀਆਂ ਜਾ ਚੁੱਕੀਆਂ ਹਨ