- ਸਿਹਤ ਮਾਹਿਰ ਅਤੇ ਤੰਦਰੁਸਤ ਹੋਏ ਮਰੀਜ਼ ਫੇਸਬੁੱਕ ਰਾਹੀਂ ਹੋਏ ਲੋਕਾਂ ਦੇ ਰੂ-ਬਰੂ
ਲੁਧਿਆਣਾ, (ਸੰਜੇ ਮਿੰਕਾ) – ”ਵਿਸ਼ਵ ਭਰ ਵਿੱਚ ਫੈਲੀ ਕੋਵਿਡ 19 ਮਹਾਂਮਾਰੀ ਨੂੰ ਹਰਾਉਣ ਲਈ ਜ਼ਰੂਰੀ ਹੈ ਕਿ ਅਸੀਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੀਏ, ਜਿਸ ਨਾਲ ਅਸੀਂ ਖੁਦ ਵੀ ਸੁਰੱਖਿਅਤ ਰਹਿ ਸਕਦੇ ਹਾਂ ਨਾਲ ਹੀ ਹੋਰਨਾਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ‘ਸੰਜੀਵਨੀ ਗਰੁੱਪ ਆਫ਼ ਡਾਕਟਰਜ਼’ ਦੇ ਮਾਹਿਰ ਡਾਕਟਰਾਂ ਅਤੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਵੱਲੋਂ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੀਤਾ ਗਿਆ।ਇਸ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਡੀ. ਐੱਮ. ਸੀ. ਹਸਪਤਾਲ ਦੇ ਪ੍ਰਸਿੱਧ ਡਾਕਟਰ ਬਿਸ਼ਵ ਮੋਹਨ ਨੇ ਦੱਸਿਆ ਕਿ ਪੰਜਾਬ ਵਿੱਚੋਂ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਹਿ’ ਤਹਿਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਕੜੀ ਵਿੱਚ ਹੀ ‘ਸੰਜੀਵਨੀ ਗਰੁੱਪ ਆਫ਼ ਡਾਕਟਰਜ਼’ ਦੇ ਮਾਹਿਰ ਡਾਕਟਰਾਂ ਵੱਲੋਂ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਸੈਸ਼ਨ ਦੌਰਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਡੀ. ਐੱਮ. ਸੀ. ਦੇ ਡਾਕਟਰ ਸੰਦੀਪ ਛਾਬੜਾ, ਸਿਵਲ ਹਸਪਤਾਲ ਤੋਂ ਡਾਕਟਰ ਹਤਿੰਦਰ ਕੌਰ ਸੋਹਲ, ਇਸ ਬਿਮਾਰੀ ਤੋਂ ਪੀੜਤ ਰਹਿ ਚੁੱਕੇ ਸ੍ਰ. ਅਮਰਜੀਤ ਸਿੰਘ ਬੈਂਸ (ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ), ਸ੍ਰੀ ਵਿਜੇ ਕੁਮਾਰ, ਸ੍ਰੀਮਤੀ ਵਰਿੰਦਰ ਕੌਰ, ਸ੍ਰੀ ਦਿਨੇਸ਼ ਕੁਮਾਰ, ਸ੍ਰੀ ਮੌਂਗੀਆ ਨੇ ਇਸ ਬਿਮਾਰੀ ਤੋਂ ਬਚਣ ਲਈ ਉਠਾਏ ਜਾਣ ਵਾਲੇ ਕਦਮਾਂ, ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਰਿਆਂ ਨੇ ਇੱਕਮੱਤ ਹੋ ਕੇ ਦੱਸਿਆ ਕਿ ਇਸ ਬਿਮਾਰੀ ਨੂੰ ਦ੍ਰਿੜ ਇੱਛਾ ਸ਼ਕਤੀ ਨਾਲ ਹੀ ਹਰਾਇਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਵਿੱਚ ਇਸ ਬਿਮਾਰੀ ਦੇ ਲੱਛਣ ਦਿਸਣ ਤਾਂ ਉਸ ਨੂੰ ਤੁਰੰਤ ਇਕਾਂਤਵਾਸ ਵਿੱਚ ਚਲੇ ਜਾਣਾ ਚਾਹੀਦਾ ਹੈ ਅਤੇ ਟੈਸਟ ਕਰਾਉਣਾ ਚਾਹੀਦਾ ਹੈ, ਜੋ ਕਿ ਸਾਰੀਆਂ ਸਰਕਾਰੀਆਂ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਉਸਦਾ ਇਲਾਜ਼ ਵੀ ਬਹੁਤ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਜਿਆਦਾ ਦਵਾਈਆਂ ਆਦਿ ਦੀ ਜ਼ਰੂਰਤ ਨਹੀਂ ਰਹਿੰਦੀ। ਮਰੀਜ਼ਾਂ ਨੂੰ ਇਲਾਜ਼ ਦੌਰਾਨ ਯੋਗਾ, ਕਸਰਤ ਅਤੇ ਹੋਰ ਸਰੀਰਕ ਕਿਰਿਆਵਾਂ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਰੀਰ ਨੂੰ ਕਿਰਿਆਸ਼ੀਲ ਰੱਖਿਆ ਜਾ ਸਕੇ। ਜੋ ਮਰੀਜ਼ ਸਮੇਂ ਸਿਰ ਟੈਸਟ ਕਰਾ ਲੈਂਦੇ ਹਨ, ਉਨਾਂ ਦਾ 90 ਫੀਸਦੀ ਰਿਕਵਰੀ ਰੇਟ ਹੈ।