- ਨਿੱਜੀ ਸਿਹਤ ਸੰਸਥਾਂਵਾਂ ਅਤੇ ਸਮਾਜ-ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਦਾ ਪਸਾਰ ਰੋਕਿਆ ਜਾ ਰਿਹਾ – ਡਿਪਟੀ ਕਮਿਸ਼ਨਰ
- ਲੁਧਿਆਣਾ ‘ਚ ਰੋਜ਼ਾਨਾ 4 ਹਜ਼ਾਰ ਕੋਵਿਡ ਟੈਸਟ ਦੀ ਸਹੂਲਤ ਉਪਲੱਬਧ, ਸਿਹਤ ਮਾਹਰ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਕਰ ਰਹੇ ਹਨ ਜਾਗਰੂਕ
- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਮਾਸਕ ਪਾਉਣ, ਆਪਸੀ ਵਿੱਥ ਰੱਖਣ ਅਤੇ ਹੱਥ ਧੋਣ/ਸੈਨੇਟਾਈਜ਼ ਕਰਨ ਦੀ ਅਪੀਲ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ‘ਮਿਸ਼ਨ ਫਤਿਹ’ ਨੂੰ ਕਾਮਯਾਬ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਸਹਿਯੋਗ ਕਰਨ ਦੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) ਮਾਸਕ ਸਾਡੀ ਸੁਰੱਖਿਆ ਲਈ ਬਹੁਤ ਲਾਜ਼ਮੀ ਹੈ ਕਿਉਕਿ ਕੇਵਲ ਮਾਸਕ ਪਾਉਣ ਨਾਲ ਹੀ ਅਸੀਂ ਕੋਰੋਨਾ ਵਾਇਰਸ ਤੋਂ ਕਰੀਬ 70-80 ਪ੍ਰਤੀਸ਼ਤ ਸੁਰੱਖਿਅਤ ਹੋ ਜਾਂਦੇ ਹਾਂ ਪਰ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਮਾਸਕ ਪਾਉਂਣਾ ਇੰਨਾ ਜ਼ਰੂਰੀ ਨਹੀਂ ਸਮਝਦੇ ਜੇਕਰ ਮਾਸਕ ਦਾ ਪ੍ਰਯੋਗ ਕਰਦੇ ਵੀ ਹਨ ਤਾਂ ਪੂਰੇ ਤਰੀਕੇ ਨਾਲ ਮਾਸਕ ਨਹੀਂ ਪਾਇਆ ਹੁੰਦਾ।ਇਹ ਪ੍ਰਗਟਾਵਾ ਸ੍ਰੀ ਚੰਦਰ ਗੈਦ ਡਵੀਜ਼ਨਲ ਕਮਿਸ਼ਨਰ ਪਟਿਆਲਾ ਨੇ ਬੀਤੇ ਦਿਨੀ ‘ਮਿਸ਼ਨ ਫਤਿਹ’ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਤੋਂ ਲੋਕਾਂ ਦੇ ਬਚਾਅ ਸਬੰਧੀ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਲੁਧਿਆਣਾ ਦੇ ਉੱਚ ਅਧਿਕਾਰੀਆਂ ਨਾਲ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿੰਆਂ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਅਤੇ ਸ੍ਰੀ ਜੇ.ਇਲਨਚੇਜੀਅਨ ਵਧੀਕ ਪੁਲਿਸ ਕਮਿਸ਼ਨਰ ਵੀ ਸ਼ਾਮਲ ਸਨ।ਸ੍ਰੀ ਚੰਦਰ ਗਂੈਂਦ ਨੇ ਲੋਕਾਂ ਨੂੰ ਕਿਹਾ ਅਸੀਂ ਮਾਸਕ ਆਪਣੀ ਸੁਰੱਖਿਆ ਲਈ ਪਾ ਰਹੇ ਹਾਂ ਨਾ ਕਿ ਕਿਸੇ ਡਰ ਦੇ ਕਾਰਨ। ਉਹਨਾਂ ਕਿਹਾ ਕਿ ਜਦ ਤੱਕ ਮਾਸਕ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਨਹੀਂ ਪਾਵਾਂਗੇ ਤੱਦ ਤੱਕ ਅਸੀਂ ਕੋਰੋਨਾ ਦੇ ਵਿਸਥਾਰ ‘ਤੇ ਰੋਕ ਨਹੀਂ ਲਗਾ ਸਕਾਂਗੇ। ਇਸ ਤੋਂ ਇਲਾਵਾ ਵਾਇਰਸ ਦੇ ਪਸਾਰ ਨੂੰ ਰੋਕਣ ਦੇ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਅਤੀ ਲਾਜ਼ਮੀ ਹੈ। ਇਸ ਲਈ ਸਾਨੂੰ ਆਪਸ ਵਿੱਚ ਸਮਾਜਿਕ ਦੂਰੀ ਬਣਾਈ ਰੱਖਣੀ ਹੈ ਅਤੇ ਵਧੇਰੇ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦ ਤੱਕ ਅਸੀਂ ਪੂਰੀ ਤਰ੍ਹਾਂ ਨਾਲ ਜਾਗਰੂਕ ਨਹੀਂ ਹੋਵਾਂਗੇ ਤੱਦ ਤੱਕ ਅਸੀਂ ਕਰੋਨਾ ਵਾਈਰਸ ਤੋਂ ਸੁਰੱਖਿਅਤ ਨਹੀਂ ਹੋ ਸਕਦੇ। ਉਹਨਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਗਲਤ ਅਤੇ ਝੁੱਠੀਆਂ ਅਫ਼ਵਾਹਾਂ ‘ਤੇ ਭਰੋਸਾ ਨਾ ਕਰਨ ਅਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣ ਕਿਉਂਕਿ ਇਹ ਹਦਾਇਤਾਂ ਸਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਵਾ ਐਪ ਨੂੰ ਆਮ ਲੋਕ ਵੱਧ ਤੋਂ ਵੱਧ ਆਪਣੇ ਮੋਬਾਇਲ ਫੋਨ ‘ਤੇ ਅਪਲੋਡ ਕਰਨ। ਇਸ ਐਪ ਵਿੱਚ ਕੋਰੋਨਾ ਬਾਰੇ ਸਮੁੱਚੀ ਜਾਣਕਾਰੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਜੱਥੇਬੰਦੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਆਓ ਮਿਲਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੀਏ ਅਤੇ ਜ਼ਿਲ੍ਹਾ ਲੁਧਿਆਣਾ ਨੂੰ ਕੋਰੋਨਾ ਮੁਕਤ ਕਰੀਏ।ਡਵੀਜ਼ਨਲ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਵਿਡ-19 ਤੋਂ ਲੋਕਾਂ ਦੇ ਬਚਾਅ ਸਬੰਧੀ ਕੀਤੇ ਜਾ ਰਹੇਂ ਕੰਮਾਂ ਦਾ ਮੁਕੰਮਲ ਵੇਰਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ ਤੋਂ ਲਿਆ ਅਤੇ ਸਤੁੰਸ਼ਟੀ ਜਤਾਉਂਦੇ ਹੋਏ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਮਹਾਂਮਾਰੀ ਖਿਲਾਫ ਇਕਜੁਟ ਹੋ ਕੇ ਕੀਤੇ ਯਤਨਾਂ ਕਾਰਨ ਸਰਕਾਰੀ ਹਸਪਤਾਲ ਦੇ ਨਾਲ-ਨਾਲ ਕਈ ਪ੍ਰਾਈਵੇਟ ਹਸਪਤਾਲਾਂ ਨੇ ਵੀ ਕੋਰੋਨਾ ਮਰੀਜ਼ਾਂ ਲਈ ਜਿਸ ਤਰ੍ਹਾਂ ਬੈਂਡ ਅਤੇ ਬਾਕੀ ਚੀਜ਼ਾਂ ਦਾ ਇੰਤਜ਼ਾਮ ਕੀਤਾ ਹੈ, ਉਸ ਤੋਂ ਹੁਣ ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਹੈ। ਉਨ੍ਹਾਂ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਈ ਮਹੱਤਵਪੂਰਣ ਚੀਜ਼ਾਂ ਬਾਰੇ ਉਨ੍ਹਾਂ ਦਾ ਫੀਡਬੈਕ ਲਿਆ ਜਿਵੇ ਕਿ ਇਲਾਜ, ਨਮੂਨਾ ਲੈਣਾ ਆਦਿ।ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਡਵੀਜ਼ਨਲ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਲੁਧਿਆਣਾ ਵਿੱਚ ਵਧੀਆ ਸਿਹਤ ਸਹੂਲਤਾਂ ਉਪਲੱਬਧ ਹੋਣ ਕਾਰਨ ਦੂਜੇ ਜ਼ਿਲ੍ਹਿਆਂ ਤੋਂ ਵੀ ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆ ਰਹੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਪ੍ਰਸ਼ਾਸ਼ਨ ਅਧਿਕਾਰੀਆਂ ਵੱਲੋਂ ਲੋਕਾਂ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕ ਸੁਰੱਖਿਅਤ ਰਹਿਣ। ਉਹਨਾਂ ਕਿਹਾ ਕਿ ਕੋਵਿਡ 19 ਸਬੰਧੀ ਰੋਜ਼ਾਨਾ ਜ਼ਿਲ੍ਹਾ ਲੁਧਿਆਣਾ ਵਿੱਚ 4 ਹਜ਼ਾਰ ਦੇ ਕਰੀਬ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵੱਖ-ਵੱਖ ਹਸਪਤਾਲਾਂ ਵਿੱਚ ਕੋਵਿਡ-19 ਦੀ ਬਿਮਾਰੀ ਸਬੰਧੀ ਚੱਲ ਰਹੇ ਇਲਾਜ਼ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀ ਲਗਾਤਾਰ ਨਜ਼ਰ ਰੱਖ ਰਹੇ ਹਨ। ਉਹਨਾਂ ਨੇ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ) ਦੇ ਮਾਹਿਰ ਡਾਕਟਰ ਬਿਸ਼ਵ ਮੋਹਨ ਬਾਰੇ ਵੀ ਡਵੀਜ਼ਲ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਕੋਵਿਡ-19 ਤੋਂ ਲੋਕਾਂ ਦੇ ਬਚਾਅ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਵੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਲੋੜ ਹੈ ਕਿ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਨੂੰ ਸਮਝ ਕੇ ਖੁਦ ਜਾਗਰੂਕ ਹੋਣ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨ। ਉਹਨਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਿਹਤ ਮਾਹਿਰਾਂ ਦੀ ਸਲਾਹ ਮੁਤਾਬਿਕ ਹਰ ਕਦਮ ਉਠਾਣਗੇ, ਜੋ ਜਰੂਰੀ ਹਨ।ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ(ਜਗਰਾਉਂ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐਸ.ਡੀ.ਐਮ.(ਪੱਛਮੀ) ਸ੍ਰੀ ਅਮਰਿੰਦਰ ਸਿੰਘ ਮੱਲੀ ਤੋ਼ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਸਨ।