- ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ ਲਈ ਮਗਨਰੇਗਾ ਤਹਿਤ ਸੋਕ ਪਿੱਟ ਬਣਨੇ ਸ਼ੁਰੂ
- ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ‘ਚ ਹੋਣਗੇ ਸਹਾਈ
ਲੁਧਿਆਣਾ, (ਸੰਜੇ ਮਿੰਕਾ) – ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ ਜਿਸਦੇ ਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇ ਕਿ ਛੱਪੜਾਂ ਦਾ ਨਵੀਨੀਕਰਣ, ਨਹਿਰਾਂ ਅਤੇ ਖਾਲਿਆਂ ਦੀ ਸਫਾਈ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਲਈ ਸ਼ੈੱਡ, ਪਾਣੀ ਦੀ ਸਾਂਭ ਸੰਭਾਲ ਦੇ ਕੰਮ, ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟਸ, ਫਲੱਡ ਪ੍ਰੋਟੈਕਸ਼ਨ ਦੇ ਕੰਮ, ਪਲਾਂਟੈਸ਼ਨ ਆਦਿ।ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਦੇ ਅੰਤਰਗਤ ਪਾਣੀ ਦੀ ਦੁਰਵਰਤੋ ਨੂੰ ਰੋਕਣ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਸੰਯੁਕਤ ਵਿਕਾਸ ਕਮਿਸ਼ਨਰ ਮੈਡਮ ਨੀਲਿਮਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਸ਼ਰਮਾ ਜੀ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਵਿੱਚ ਵਾਟਰ ਰੀਚਾਰਜ ਪਿੱਟ ਬਣ ਰਹੇ ਹਨ।ਇਨ੍ਹਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆ ਹੋਇਆ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਨਵਨੀਤ ਜ਼ੋਸ਼ੀ ਨੇ ਦੱਸਿਆ ਕਿ ਹੁਣ ਮਗਨਰੇਗਾ ਤਹਿਤ ਜਾਬ ਕਾਰਡ ਹੋਲਡਰਾਂ ਨੂੰ ਵਿਅਕਤੀਗਤ ਲਾਭ ਦਿੰਦਿਆ ਘਰਾਂ ਅਤੇ ਸਕੂਲਾਂ ਵਿੱਚ ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਉਸਨੂੰ ਜਮੀਨ ਅੰਦਰ ਰੀਚਾਰਜ ਕਰਨ ਲਈ ਰਿਚਾਰਜ ਪਿੱਟ ਬਣਾਏ ਜਾ ਰਹੇ ਹਨ। ਉੱਥੇ ਹੀ ਅਸਿਸਟੈਂਟ ਪ੍ਰੋਗਰਾਮ ਅਫਸਰ ਸ੍ਰੀ ਪ੍ਰਗਟ ਸਿੰਘ ਵੱਲੋ ਮੀਡੀਆ ਨਾਲ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਬਰ ਦਿਨ ਹੇਂਠਾਂ ਜਾ ਰਿਹਾ ਹੈ ਜਿਸ ਲਈ ਜਿੱਥੇ ਲੋੜ ਹੈ ਕਿ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਉੱਥੇ ਹੀ ਸਾਨੂੰ ਬਾਰਿਸ਼ ਦਾ ਪਾਣੀ ਧਰਤੀ ਹੇਠ ਰਿਚਾਰਜ ਕਰਨਾ ਚਾਹੀਦਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।ਸਰਪੰਚ ਗ੍ਰਾਮ ਪੰਚਾਇਤ ਧੌਲ ਖੁਰਦ ਸ੍ਰੀ ਹਰਟਹਿਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮਗਨਰੇਗਾ ਤਹਿਤ ਵਾਟਰ ਰੀਚਾਰਜ਼ ਪਿੱਟ ਬਣਾਇਆ ਹੈ। ਇਹ ਰੀਚਾਰਜ ਪਿੱਟ ਬਹੁਤ ਵਧੀਆ ਕੰਮ ਕਰ ਰਿਹਾ ਹੈ। ਹੁਣ ਬਾਰਿਸ਼ ਦੌਰਾਨ ਸਕੂਲ ਦੀ ਬਿਲਡਿੰਗ ਦੀ ਛੱਤ ਦਾ ਸਾਰਾ ਪਾਣੀ ਰਿਚਾਰਜ ਪਿੱਟ ਵਿੱਚ ਜਾਂਦਾ ਹੈ ਜੋ ਕਿ ਪਹਿਲਾਂ ਇਹ ਪਾਣੀ ਨਾਲੀਆਂ ਵਿੱਚ ਚਲਾ ਜਾਂਦਾ ਸੀ।ਸ੍ਰੀ ਲਖਵਿੰਦਰ ਸਿੰਘ ਗ੍ਰਾਮ ਰੋਜ਼ਗਾਰ ਸਹਾਇਕ ਵੱਲੋ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਉਹ ਵੀ ਆਪਣੇ ਆਪਣੇ ਘਰਾਂ ਅੰਦਰ ਮਗਨਰੇਗਾ ਸਕੀਮ ਦਾ ਲਾਭ ਲੈਦੇ ਹੋਏ ਇਹ ਵਾਟਰ ਰਿਚਾਰਜ ਪਿੱਟ ਬਣਾਉਣ ਤਾਂ ਜੋ ਕਿ ਦਿਨੋਂ ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।