- ਸ਼ਹਿਰ ਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਹ ਸ਼ਾਨਦਾਰ ਦ੍ਰਿਸ਼ ਦੇਖਣ ਦੀ ਅਪੀਲ
ਲੁਧਿਆਣਾ, (ਸੰਜੇ ਮਿੰਕਾ) – ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਇਤਿਹਾਸਕ ਅਤੇ ਮਸ਼ਹੂਰ ਕਲਾਕ ਟਾਵਰ ‘ਤੇ ਤਿਰੰਗਾ ਪ੍ਰਕਾਸ਼ਤ ਕਰਨ ਲਈ ਲਈ ਵਿਸ਼ੇਸ਼ ਐਲ.ਈ.ਡੀ. ਲਾਈਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਰੋਸ਼ਨੀ ਅਗਲੇ ਦੋ ਦਿਨਾਂ ਤੱਕ ਟਾਵਰ ‘ਤੇ ਰਹੇਗੀ ਅਤੇ ਸ਼ਹਿਰ ਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਸ਼ਾਨਦਾਰ ਦ੍ਰਿਸ਼ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਘੰਟਾ ਘਰ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਟਾਵਰ ਵਿਚ ਲਾਈਟਿੰਗ ਅਤੇ ਕੰਟਰੋਲਰ ਲਗਾਉਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ ਲਗਭਗ 63 ਲੱਖ ਰੁਪਏ ਹੈ। ਕਲਾਕ ਟਾਵਰ ਨੂੰ ਬ੍ਰਿਟਿਸ਼ ਦੁਆਰਾ 1906 ਵਿੱਚ ਮਹਾਰਾਣੀ ਵਿਕਟੋਰੀਆ ਦੇ ਰਾਜ ਦੀ ਸਿਲਵਰ ਜੁਬਲੀ ਮਨਾਉਣ ਲਈ ਬਣਾਇਆ ਗਿਆ ਸੀ ਅਤੇ ਇਹ ਸ਼ਹਿਰ ਦੀ ਇੱਕ ਪ੍ਰਮੁੱਖ ਨਿਸ਼ਾਨੀ ਹੈ।