Friday, May 9

ਓ.ਪੀ. ਸੋਨੀ ਅਤੇ ਭਾਰਤ ਭੂਸ਼ਣ ਆਸ਼ੂ ਨੇ ਅੱਜ ਗਡਵਾਸੂ ਵਿਖੇ ‘ਕੌਵੀਡ-19 ਵਾਇਰਲ ਟੈਸਟਿੰਗ ਲੈਬਾਰਟਰੀ’ ਦਾ ਉਦਘਾਟਨ ਕੀਤਾ

ਲੁਧਿਆਣਾ, (ਸੰਜੇ ਮਿੰਕਾ) – ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਨਵੀਂ ਸਥਾਪਿਤ ਕੀਤੀ ਗਈ ‘ਕੋਵਿਡ-19 ਵਾਇਰਲ ਟੈਸਟਿੰਗ ਲੈਬਾਰਟਰੀ’ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀ ਓ.ਪੀ.ਸੋਨੀ ਅਤੇ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਸ੍ਰੀ ਭਾਰਤ ਭੁਸਣ ਆਸ਼ੂ ਵੱਲੋਂ ਕੀਤਾ ਗਿਆ। ਡਾ.ਜੇ.ਪੀ.ਐਸ. ਗਿੱਲ, ਡਾਇਰੈਕਟਰ ਰਿਸਰਚ ਅਤੇ ਲੈਬ ਦੇ ਨੋਡਲ ਅਫਸਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਇਸ ਪ੍ਰਯੋਗਸ਼ਾਲਾ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਉਨ੍ਹਾਂ ਵੱਲੋ ਪਿਛਲੇ ਹਫ਼ਤੇ ਤੋਂ ਪ੍ਰਤੀ ਦਿਨ 100 ਨਮੂਨਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਾ.ਇੰਦਰਜੀਤ ਸਿੰਘ, ਉਪ-ਕੁਲਪਤੀ, ਗਡਵਾਸੂ ਨੇ ਇਸ ਸਮਾਗਮ ਨੂੰ ਇੱਕ ਮਹੱਤਵਪੂਰਨ ਪਲ ਦੱਸਦਿਆਂ ਕਿਹਾ ਕਿ ਇਸ ਲੈਬ ਦੇ ਸੁਰੂ ਹੋਣ ਨਾਲ ਅਸੀਂ ਕੋਵਿਡ-19 ਦੀ ਜਾਂਚ ਵਿੱਚ ਤੇਜ਼ੀ ਲਿਆਵਾਂਗੇ, ਕਿਉਂਕਿ ਇਸ ਬਿਮਾਰੀ ‘ਤੇ ਜਲਦ ਕਾਬੂ ਪਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਮੁੱਖ ਮੰਤਰੀ, ਸਬੰਧਤ ਮੰਤਰੀਆਂ, ਅਧਿਕਾਰੀਆਂ, ਉਪ ਕੁਲਪਤੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਸਮੂਹ ਮੈਡੀਕਲ ਅਤੇ ਵੈਟਰਨਰੀ ਪੇਸ਼ੇਵਰਾਂ ਲਈ ਇਸ ਲੈਬ ਦੀ ਸਥਾਪਨਾ ਲਈ ਅਣਥੱਕ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਲੈਬ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਦੇ ਕੰਮ ਨੂੰ ਦੇਸ਼ ਦੀ ਮਹਾਨ ਸੇਵਾ ਵਜੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸ੍ਰੀ ਓ.ਪੀ. ਸੋਨੀ ਨੇ ਦੱਸਿਆ ਕਿ ਗਡਵਾਸੂ ਵਿਖੇ ਇਸ ਲੈਬ ਦੇ ਉਦਘਾਟਨ ਦੇ ਨਾਲ ਤਿੰਨ ਹੋਰ ਲੈਬਾਂ ਵੀ ਸ਼ਾਮਲ ਹੋਣਗੀਆਂ ਜ਼ਿਨ੍ਹਾਂ ਵਿੱਚ 2 ਲੈਬ ਐਸ.ਏ.ਐਸ. ਨਗਰ ਮੋਹਾਲੀ ਅਤੇ ਇੱਕ ਜਲੰਧਰ, ਜਿਸ ਨਾਲ ਸਾਡੀ ਟੈਸਟਿੰਗ ਸਮਰੱਥਾ 4000 ਪ੍ਰਤੀ ਦਿਨ ਵੱਧ ਜਾਵੇਗੀ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਲੈਬ ਜ਼ਿਲ੍ਹਾ ਲੁਧਿਆਣਾ ਲਈ ਲਾਜ਼ਮੀ ਤੌਰ ‘ਤੇ ਮਾਣ ਵਾਲੀ ਗੱਲ ਹੈ ਅਤੇ ਹੁਣ ਅਸੀਂ ਜ਼ਿਲ੍ਹਾ ਵਾਸੀਆਂ ਦੇ ਨਮੂਨਿਆਂ ਦੀ ਜਾਂਚ ‘ਚ ਵਾਧਾ ਕਰ ਸਕਾਂਗੇ ਅਤੇ ਜਲਦ ਨਤੀਜੇ ਹਾਸਲ ਕਰਾਂਗੇ। ਸ੍ਰੀ ਡੀ.ਕੇ.ਤਿਵਾੜੀ, ਆਈ.ਏ.ਐੱਸ., ਪ੍ਰਮੁੱਖ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਨੇ ਕਿਹਾ ਕਿ ਗਡਵਾਸੂ ਦੇ ਵਿਗਿਆਨੀਆਂ ਨੇ ਸਰਕਾਰੀ ਮੈਡੀਕਲ ਕਾਲਜ ਅਮ੍ਰਿਤਸਰ ਅਤੇ ਪਟਿਆਲਾ ਦੀਆਂ ਲੈਬਾਂ ਵਿੱਚ ਕੋਵਿਡ ਟੈਸਟ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਸੇਵਾਵਾਂ ਹੁਣ ਇਸ ਲੈਬ ਲਈ ਵਧੇਰੇ ਲਾਭਕਾਰੀ ਹੋਣਗੀਆਂ। ਵਿਸ਼ੇਸ਼ ਸਕੱਤਰ, ਪਸ਼ੂ ਪਾਲਣ ਸ੍ਰੀ ਮਨਪ੍ਰੀਤ ਸਿੰਘ ਛਤਵਾਲ ਨੇ ਕਿਹਾ ਕਿ ‘ਇੱਕ ਸਿਹਤ’ ਸੰਕਲਪ ਤਹਿਤ ਵੈਟਰਨਰੀ ਪੇਸ਼ੇਵਰ ਮਨੁੱਖਾਂ ਦੀ ਸੇਵਾ ਕਰਕੇ ਵੀ ਆਪਣੀ ਮੁਹਾਰਤ ਦੇ ਖੇਤਰ ਨੂੰ ਵਧਾ ਰਹੇ ਹਨ। ਡਾ: ਰਾਜ ਬਹਾਦੁਰ, ਵੀ.ਸੀ., ਬੀ.ਐਫ.ਯੂ.ਐੱਚ.ਐੱਸ., ਜੋ ਇਨ੍ਹਾਂ ਸਾਰੀਆਂ ਨਵੀਆਂ ਲੈਬਾਂ ਦੇ ਪਿੱਛੇ ਕੰਮ ਕਰ ਰਹੇ ਹਨ, ਨੇ ਕਿਹਾ ਕਿ ਇਹ ਲੈਬ ਕੋਵਿਡ ਟੈਸਟ ਲਈ ਲਾਹੇਬੰਦ ਰਹੇਗੀ ਅਤੇ ਸਾਨੂੰ ਇਸ ਲੈਬ ਤੋਂ ਵੱਡੀਆਂ ਉਮੀਦਾਂ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਯੋਗਸ਼ਾਲਾ ਦੇ ਕੰਮਕਾਜ ਨੂੰ ਵੇਖਿਆ ਅਤੇ ਪ੍ਰਸੰਸਾ ਕੀਤੀ। ਡਾ:ਜੇ.ਪੀ. ਗਿੱਲ ਨੇ ਖੁਲਾਸਾ ਕੀਤਾ ਕਿ ਗਤੀਸ਼ੀਲਤਾ ਦੇ ਤਹਿਤ ਡਾ. ਰਮਨੀਕ, ਏ.ਕੇ. ਅਰੋੜਾ ਅਤੇ ਆਰ.ਐੱਸ. ਸੇਠੀ ਵਿਗਿਆਨੀ ਅਤੇ ਕਰਮਚਾਰੀਆਂ ਦੀ ਪੂਰੀ ਟੀਮ ਇਸ ਪ੍ਰਯੋਗਸ਼ਾਲਾ ਲਈ ਬੜੀ ਲਗਨ ਅਤੇ ਸਮਝਦਾਰੀ ਨਾਲ ਕੰਮ ਕਰ ਰਹੀ ਹੈ। ਗਡਵਾਸੂ ਦੁਆਰਾ ਵਿਕਸਤ ਸਾਰੀਆਂ ਸਹੂਲਤਾਂ, ਉਤਪਾਦਾਂ, ਪ੍ਰਕਾਸ਼ਨਾਂ ਅਤੇ ਟੈਕਨਾਲੋਜੀਆਂ ਨੂੰ ਪਤਵੰਤਿਆਂ ਅਤੇ ਹੋਰ ਮਹਿਮਾਨਾਂ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com