Wednesday, March 12

ਸੂਬੇ ‘ਚ 10 ਲੱਖ ਧੋਣ ਵਾਲੇ ਮਾਸਕ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਵੰਡੇ ਜਾਣਗੇ – ਭਾਰਤ ਭੂਸ਼ਣ ਆਸ਼ੂ

  • 80 ਹਜ਼ਾਰ ਮਾਸਕ ਇਕੱਲੇ ਲੁਧਿਆਣਾ ‘ਚ ਵੰਡੇ ਜਾਣਗੇ
  • ਮੋਬਾਈਲ ਐਪ ਇਸ ਹਫ਼ਤੇ ਲਾਂਚ ਕੀਤੀ ਜਾਵੇਗੀ, ਜਿਸ ‘ਤੇ ਨਿੱਜੀ ਹਸਪਤਾਲਾਂ ਵਿਚ ਖਾਲੀ ਬਿਸਤਰੇ ਦੀ ਸਥਿਤੀ ਦੀ ਪਤਾ ਲਗ ਸਕੇ – ਡਿਪਟੀ ਕਮਿਸ਼ਨਰ
  • ਆਸ਼ੂ ਵੱਲੋ ਸ਼ਹਿਰ ਦੇ ਜਵੱਦੀ ਇਲਾਕੇ ‘ਚ ਮਾਸਕ ਵੰਡਣ ਦਾ ਕੀਤਾ ਉਦਘਾਟਨ


ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਫਲ ਬਣਾਉਣ ਲਈ ਸੂਬੇ ਵਿੱਚ 10 ਲੱਖ ਧੋਣ ਵਾਲੇ ਮਾਸਕ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਲੋਗੋ ਵਾਲੇ 80,000 ਅਜਿਹੇ ਮਾਸਕ ਇਕੱਲੇ ਜ਼ਿਲ੍ਹਾ ਲੁਧਿਆਣਾ ਵਿੱਚ ਵੰਡੇ ਜਾਣਗੇ। ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੇ ਜਵੱਦੀ ਖੇਤਰ ਪਾਰਕ ਵਿੱਚ ਲੋੜਵੰਦਾਂ ਨੂੰ ਇਹ ਮਾਸਕ ਵੰਡਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਦਿਲਰਾਜ ਸਿੰਘ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਗੱਲ-ਬਾਤ ਕਰਦਿੰਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ 10 ਲੱਖ ਧੋਣ ਵਾਲੇ ਮਾਸਕ ਜ਼ਰੂਰਤਮੰਦ ਵਿਅਕਤੀਆਂ ਵਿੱਚ ਮੁਫਤ ਵੰਡੇ ਜਾਣਗੇ ਜੋ ਮਾਸਕ ਖਰੀਦਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇਕ ਤਾਜ਼ਾ ਅਧਿਐਨ ਦੇ ਅਨੁਸਾਰ, ਮਾਸਕ ਪਹਿਨਣਾ ਸਭ ਤੋਂ ਜ਼ਰੂਰੀ ਹੈ ਅਤੇ ਜੇ ਹਰ ਵਿਅਕਤੀ ਮਾਸਕ ਪਹਿਨਣਾ ਸ਼ੁਰੂ ਕਰ ਦਿੰਦਾ ਹੈ, ਤਾਂ ਅਸੀਂ ਆਸਾਨੀ ਨਾਲ ਚੇਨ ਤੋੜ ਸਕਦੇ ਹਾਂ ਅਤੇ ਕੋਵਿਡ 19 ‘ਤੇ ਜਿੱਤ ਹਾਸਲ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਮਾਸਕ ਹਰ ਲੋੜਵੰਦ ਵਿਅਕਤੀ ਨੂੰ ਨਾ ਸਿਰਫ ਜ਼ਿਲ੍ਹਾ ਲੁਧਿਆਣਾ, ਬਲਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮੁਹੱਈਆ ਕਰਵਾਏਗੀ। ਸ੍ਰੀ ਆਸ਼ੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਟੈਸਟ ਪੋਜ਼ਟਿਵ ਆਉਂਦਾ ਹੈ ਤਾਂ ਬਿਲਕੁਲ ਵੀ ਨਾ ਘਬਰਾਉਣ ਕਿਉਂਕਿ ਸਰਕਾਰ ਅਤੇ ਨਿੱਜੀ ਹਸਪਤਾਲ ਮਰੀਜ਼ਾਂ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਵਿਡ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਮਹਿਸੂਸ ਕਰਨ ਦੀ ਸੂਰਤ ‘ਚ ਤੁਰੰਤ ਆਪਣੇ ਨੇੜਲੇ ਟੈਸਟਿੰਗ ਸੈਂਟਰ ਜਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਕਿਸੇ ਵੀ ਕੀਮਤ ‘ਤੇ ਜਾਂਚ ਕਰਾਉਣ ਵਿਚ ਦੇਰੀ ਨਾ ਕਰਨ। ਉਨ੍ਹਾਂ ਕਿਹਾ ਕਿ ਕੋਵੀਡ ਟੈਸਟਿੰਗ ਸੂਬੇ ਦੇ ਸਾਰੇ ਸਰਕਾਰੀ ਟੈਸਟਿੰਗ ਸੈਂਟਰਾਂ ਵਿੱਚ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਮੋਬਾਈਲ ਐਪ ਤਿਆਰ ਕੀਤੀ ਹੈ ਜਿਸ ਰਾਹੀਂ ਜ਼ਿਲ੍ਹਾ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿਚ ਖਾਲੀ ਬਿਸਤਰਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਪ ਇਸ ਦੇ ਟੈਸਟਿੰਗ ਪੜਾਅ ‘ਤੇ ਹੈ ਅਤੇ ਇਸ ਹਫਤੇ ਦੇ ਅੰਦਰ ਸ਼ਹਿਰ ਵਾਸੀਆਂ ਲਈ ਰਸਮੀ ਤੌਰ’ ਤੇ ਲਾਂਚ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਇਹ 80,000 ਧੋਣ ਵਾਲੇ ਮਾਸਕ ਝੁੱਗੀਆਂ, ਵੇਹੜੇ ਆਦਿ ਵਿੱਚ ਵੰਡੇ ਜਾਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਵੰਡੇ ਜਾਣਗੇ ਜਿੱਥੇ ਲੋਕ ਮਾਸਕ ਖਰੀਦਣ ‘ਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਸਕਾਂ ਨੂੰ ਰੋਜ਼ਾਨਾ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com