Wednesday, March 12

17 ਕੋਵਿਡ ਪੋਜ਼ਟਿਵ ਗਰਭਵਤੀ ਔਰਤਾਂ ਦੀਆਂ ਜੱਚਾ-ਬੱਚਾ ਹਸਪਤਾਲ ‘ਚ ਸਫਲ ਡਲਿਵਰੀਆਂ ਹੋਈਆਂ

  • ਮੌਜੂਦਾ ਸਮੇਂ 11 ਹੋਰ ਕੋਵਿਡ ਪੋਜ਼ਟਿਵ ਗਰਭਵਤੀ ਔਰਤਾਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਹਨ ਦਾਖਲ

ਲੁਧਿਆਣਾ, (ਸੰਜੇ ਮਿੰਕਾ) – ਸਥਾਨਕ ਸਿਵਲ ਹਸਪਤਾਲ ਦੇ ਅੰਦਰ ਸਥਿਤ ਮਦਰ ਚਾਈਲਡ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਾਲਵਿੰਦਰ ਮਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 17 ਕੋਵਿਡ ਪੋਜ਼ਟਿਵ ਗਰਭਵਤੀ ਔਰਤਾਂ ਨੇ ਇਸ ਹਸਪਤਾਲ ਵਿੱਚ ਸਫਲਤਾਪੂਰਵਕ ਬੱਚਿਆਂ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਕੋਵਿਡ ਪੋਜ਼ਟਿਵ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ, ਐਮ.ਸੀ.ਐਚ. ਲੁਧਿਆਣਾ ਵਿਖੇ ਡਾਕਟਰਾਂ ਦੀ ਟੀਮ ਸਫਲਤਾਪੂਰਵਕ ਡਲਿਵਰੀਆਂ ਕਰਵਾ ਰਹੀ ਹੈ।
ਡਾ: ਮਾਲਾ ਨੇ ਦੱਸਿਆ ਕਿ ਸਿਰਫ ਇਕ ਗਰਭਵਤੀ ਨੂੰ ਕੁਝ ਡਾਕਟਰੀ ਪੇਚੀਦਗੀਆਂ ਸਨ ਅਤੇ ਜਦੋਂ ਉਹ ਐਮ.ਸੀ.ਐਚ. ਪਹੁੰਚੇ ਤਾਂ ਉਨ੍ਹਾਂ ਦੇ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮੌਜੂਦਾ ਸਮੇਂ ਸਿਵਲ ਹਸਪਤਾਲ ਵਿੱਚ ਸਥਾਪਤ ਕੀਤੇ ਆਈਸੋਲੇਸ਼ਨ ਸੈਂਟਰ ਵਿੱਚ 11 ਹੋਰ ਕੋਵਿਡ ਪੋਜ਼ਟਿਵ ਗਰਭਵਤੀ ਔਰਤਾਂ ਦਾਖਲ ਹਨ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਡਿਲਿਵਰੀ ਮਈ 2020, 6 ਡਿਲਿਵਰੀ ਜੂਨ ਅਤੇ 8 ਡਿਲਿਵਰੀ ਜੁਲਾਈ 2020 ਵਿੱਚ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 7 ਨਾਰਮਲ ਡਲੀਵਰੀ ਸ਼ਾਮਲ ਹਨ ਜਦਕਿ 11 ਸਜ਼ੇਰੀਅਨ (ਸੀ-ਸੈਕਸ਼ਨ) ਸਨ। ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਨਵੇਂ ਜਨਮੇ ਕਿਸੇ ਵੀ ਬੱਚੇ ਨੂੰ ਪਲੇਸੈਂਟਲ ਇਨਫੈਕਸ਼ਨ ਨਹੀਂ ਸੀ ਅਤੇ ਕੋਵਿਡ ਨੈਗਟਿਵ ਸਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਕੋਵਿਡ ਪੋਜ਼ਟਿਵ ਮਾਵਾਂ ਦੇ ਜੰਮੇ ਬੱਚੇ ਵੀ ਕੋਵਿਡ ਪੋਜ਼ਟਿਵ ਹੋਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹ। ਮਾਂ ਅਤੇ ਨਵ-ਜਨਮੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਅਤੇ ਪੂਰੀਆਂ ਸਾਵਧਾਨੀਆਂ ਵਰਤ ਕੇ ਮਾਵਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਵੀ ਪਿਲਾਉਂਦੀਆਂ ਹਨ। ਇਸੇ ਕਾਰਨ ਲੁਧਿਆਣਾ ਵਿੱਚ ਮਾਂ ਦੇ ਦੁੱਧ ਤੋਂ ਨਵ ਜਨਮੇ ਬੱਚਿਆਂ ਨੂੰ ਕੋਵਿਡ ਫੈਲਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਡਾ: ਮਾਲਵਿੰਦਰ ਮਾਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਆਈਸੋਲੇਸ਼ਨ ਦੀ ਸਹੂਲਤ ਵਾਲਾ ਵੱਖਰਾ ਆਪ੍ਰੇਸ਼ਨ ਥੀਏਟਰ ਅਤੇ ਲੇਬਰ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਕੋਵਿਡ ਪੋਜ਼ਟਿਵ ਔਰਤਾਂ ਦੀਆਂ ਸਾਰੀਆਂ ਡਲੀਵਰੀਆਂ ਮਾਹਿਰ ਸਿਹਤ ਅਮਲੇ ਵੱਲੋਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵੱਲੋਂ ਡਿਲਿਵਰੀ ਮੌਕੇ ਮਾਸਕ ਅਤੇ ਪੀ.ਪੀ.ਈ. ਕਿੱਟਾਂ ਪਾਈਆਂ ਹੁੰਦੀਆਂ ਹਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ ਪੋਜ਼ਟਿਵ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਲੱਛਣ ਮਹਿਸੂਸ ਕਰਨ ਤੋਂ ਤੁਰੰਤ ਬਾਅਦ ਆਪਣਾ ਟੈਸਟ ਕਰਵਾਉਣ ਅਤੇ ਟੈਸਟ ਪੋਜ਼ਟਿਵ ਆਉਣ ਤੇ ਬਿੱਲਕੁਲ ਵੀ ਨਾ ਘਬਰਾਉਣ ਦੀ ਵੀ ਅਪੀਲ ਕੀਤੀ।

About Author

Leave A Reply

WP2Social Auto Publish Powered By : XYZScripts.com