Wednesday, March 12

ਨਗਰ ਨਿਗਮ ਕਮਿਸ਼ਨਰ ਨੇ ਮਾਈਕਰੋ ਕੰਟੇਨਮੈਂਂਟ ਜ਼ੋਨ ਦਾ ਕੀਤਾ ਦੌਰਾ, ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾ ਕੀਤੀਆਂ ਜਾਰੀ

  • ਵਸਨੀਕਾਂ ਨਾਲ ਵੀ ਕੀਤੀ ਮੁਲਾਕਾਤ
  • ਸਾਰੇ ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿਚ ਫੋਗਿੰਗ ਅਤੇ ਸੈਨੇਟਾਈਜ਼ੇਸ਼ਨ ਨੂੰ ਵਧਾਉਣ ਲਈ ਸਟਾਫ ਨੂੰ ਦਿੱਤੇ ਨਿਰਦੇਸ਼

ਲੁਧਿਆਣਾ, (ਸੰਜੇ ਮਿੰਕਾ) – ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੇ ਅੱਜ ਸ਼ਹਿਰ ਦੇ ਕਿਦਵਈ ਨਗਰ ਇਲਾਕੇ ਵਿੱਚ ਮਾਈਕਰੋ-ਕੰਟੇਨਮੈਂਟ ਜ਼ੋਨ ਦਾ ਦੌਰਾ ਕੀਤਾ ਅਤੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਸਭਰਵਾਲ ਨੇ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਜ਼ਮੀਨੀ ਸਥਿਤੀ ਬਾਰੇ ਉਨ੍ਹਾਂ ਦੇ ਵਿਚਾਰ ਲਏ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਮਾਈਕਰੋ-ਕੰਟੇਨਮੈਂਟ ਜ਼ੋਨਾਂ ਵਿਚ ਰਹਿੰਦੇ ਵਸਨੀਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਪਤਾ ਲਗਾਉਣਾ ਸੀ। ਜਿਕਰਯੋਗ ਹੈ ਕਿ ਲੁਧਿਆਣਾ ਦੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਫੀਲਡ ਗੰਜ ਵਿੱਚ ਕੁਚਾ ਨੰਬਰ 5, ਵਿਜੇ ਨਗਰ ਵਿੱਚ ਸਟ੍ਰੀਟ ਨੰਬਰ 3, ਜੀ.ਕੇ. ਅਸਟੇਟ ਵਿੱਚ ਬਲਾਕ ਬੀ. ਅਤੇ ਸੀ, ਲੱਕੀ ਹੇਅਰ ਡ੍ਰੈਸਰ ਤੋਂ ਲੈ ਕੇ ਨਵੀਂ ਆਬਾਦੀ ਖੰਨਾ ਵਿੱਚ ਆਰ ਐਸ ਮਾਡਲ ਸਕੂਲ ਸ਼ਾਮਲ ਹਨ। ਕਿਦਵਈ ਨਗਰ ਵਿੱਚ 37 ਤੋਂ 76, ਇਆਲੀ ਨੇੜੇ ਜਨਪਥ ਕਲੋਨੀ ਵਿੱਚ ਮਕਾਨ ਨੰ: 161 ਤੋਂ 209 ਅਤੇ ਸੋਹਲ ਬਿਲਡਿੰਗ ਵਰਕਸ਼ਾਪ ਤੋਂ ਗੁਰੂ ਗੋਬਿੰਦ ਸਿੰਘ ਨਗਰ, ਡਾਬਾ ਰੋਡ ਵਿੱਚ ਗਲੀ ਨੰਬਰ 3 ਵਿੱਚ ਗੈਸ ਏਜੰਸੀ ਤੱਕ। ਨਗਰ ਨਿਗਮ ਕਮਿਸ਼ਨਰ ਨੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿਚ ਰਹਿੰਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਉਹ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਲਈ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਨਗਰ ਨਿਗਮ ਸਟਾਫ਼ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਨਿਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ ਨੂੰ ਰੋਜ਼ਾਨਾ ਕਈ ਵਾਰ ਫੋਗਿੰਗ, ਸਫਾਈ ਮੁਹਿੰਮ ਅਤੇ ਘਰ-ਘਰ ਜਾ ਕੇ ਕੂੜਾ ਚੁਕਾਉਣ ਦੇ ਨਾਲ-ਨਾਲ ਸਫਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਮੌਕੇ ‘ਤੇ ਮੌਜੂਦ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਹ ਸਾਰੀਆਂ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ ਤਾਂ ਜੋ ਅਸੀਂ ਕੋਵਿਡ-19 ਦੀ ਚੇਨ ਨੂੰ ਤੋੜ ਸਕੀਏ ਅਤੇ ਪੰਜਾਬ ਸਰਕਾਰ ਦੀ ਮਿਸ਼ਨ ਫਤਿਹ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਵਸਨੀਕਾਂ ਨੂੰ ਹਮੇਸ਼ਾਂ ਮਾਸਕ ਪਹਿਨਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਦੀ ਸਫਾਈ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਉਹ ਸਮਾਜਿਕ ਸਮਾਗਮਾਂ ਵਿਚ ਸ਼ਾਮਲ ਨਾ ਹੋਣ ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਸੂਬੇ ਵਿੱਚ ਪੋਜ਼ਟਿਵ ਮਾਮਲਿਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਤਾਜ਼ਾ ਹਦਾਇਤਾਂ ਅਨੁਸਾਰ ਹੁਣ ਇੱਕ ਵਿਆਹ ਵਿੱਚ ਸਿਰਫ 30 ਵਿਅਕਤੀਆਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੈ, ਜਿਲ੍ਹੇ ਵਿੱਚ ਸੰਸਕਾਰ ਸਮੇਂ 20 ਵਿਅਕਤੀਆਂ ਅਤੇ ਸੀ.ਆਰ.ਪੀ.ਸੀ. ਦੀ ਧਾਰਾ 144 ਲਗਾਈ ਗਈ ਹੈ, ਜਿਸਦਾ ਅਰਥ ਹੈ ਕਿ 5 ਤੋਂ ਵੱਧ ਵਿਅਕਤੀ ਇੱਥ ਥਾਂ ‘ਤੇ ਇਕੱਠੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਹਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਨ ਕਿਉਂਕਿ ਉਹ ਇਲਾਕਾ ਨਿਵਾਸੀਆਂ ਦੀ ਸੁਰੱਖਿਆ ਲਈ ਹੀ ਬਣਾਏ ਗਏ ਹਨ। ਇਸ ਮੌਕੇ ਨਗਰ ਨਿਗਮ ਦੇ ਦੇ ਜ਼ੋਨਲ ਕਮਿਸ਼ਨਰ ਸ੍ਰੀ ਨੀਰਜ ਜੈਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com