Wednesday, March 12

ਗਰਾਮ ਪੰਚਾਇਤ ਲੱਖਾ ਦੀ ਮਲਕੀਅਤ ਦੀ ਜ਼ਮੀਨ ਰਕਬਾ 162.5 ਏਕੜ ਸ਼ਨਾਖਤ ਕੀਤੀ ਗਈ

  • ਇਹ ਜ਼ਮੀਨ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਹੈ -ਬੀ.ਡੀ.ਪੀ.ਓ. ਜਗਰਾਂਓ

ਜਗਰਾਓ/ਲੁਧਿਆਣਾ, (ਸੰਜੇ ਮਿੰਕਾ) – ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਜਗਰਾਂਓ ਸ੍ਰੀ ਅਮਰਿੰਦਰ ਪਾਲ ਸਿੰਘ ਚੌਹਾਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਅਤੇ ਡੀ.ਡੀ.ਪੀ.ਓ. ਲੁਧਿਆਣਾ ਸ੍ਰੀ ਪੀਯੂਸ਼ ਚੰਦਰ ਦੀ ਯੋਗ ਅਗੁਵਾਈ ਵਿੱਚ ਗਰਾਮ ਪੰਚਾਇਤ ਲੱਖਾ ਦੀ ਮਲਕੀਅਤ ਦੀ ਵਾਹੀਯੋਗ ਜਮੀਨ ਰਕਬਾ 1300 ਕਨਾਲ 13 ਮਰਲਾ (162.5 ਏਕੜ) ਦੀ ਸ਼ਨਾਖਤ ਕੀਤੀ ਗਈ। ਬੀ.ਡੀ.ਪੀ.ਓ. ਜਗਰਾਓ ਸ੍ਰੀ ਅਮਰਿੰਦਰ ਪਾਲ ਸਿੰਘ ਚੌਹਾਨ ਨੇ ਦੱਸਿਆ ਹੈ ਕਿ ਗਰਾਮ ਪੰਚਾਇਤ ਲੱਖਾ ਵੱਲੋਂ ਹਰ ਸਾਲ ਕੇਵਲ 12 ਏਕੜ ਵਾਹੀਯੋਗ ਜਮੀਨ ਨੂੰ ਨਿਯਮਾ ਅਨੂਸਾਰ ਸਲਾਨਾ ਚਕੋਤੇ ਦੇ ਕੇ ਆਮਦਨ ਪ੍ਰਾਪਤ ਕੀਤੀ ਜਾਂਦੀ ਸੀ। ਬਲਾਕ ਦਫਤਰ ਦੇ ਰਿਕਾਰਡ ਅਤੇ ਗਰਾਮ ਪੰਚਾਇਤ ਲੱਖਾ ਦੇ ਰਿਕਾਰਡ ਵਿੱਚ ਪੰਚਾਇਤ ਦੀ ਵਾਹੀਯੋਗ ਜਮੀਨ ਦਾ ਰਕਬਾ ਕੇਵਲ 12 ਏਕੜ ਹੀ ਲੰਬੇ ਸਮੇਂ ਤੋਂ ਦਰਜ ਕੀਤਾ ਆ ਰਿਹਾ ਸੀ। ਪਿੰਡ ਲੱਖਾ ਦੇ ਮਾਲ ਰਿਕਾਰਡ ਦੀ ਚੈਕਿੰਗ ਦੌਰਾਨ ਬੀ.ਡੀ.ਪੀ.ਓ ਜਗਰਾਂਓ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਉਪਰੋਕਤ 12 ਏਕੜ ਦੇ ਰਕਬੇ ਤੋਂ ਇਲਾਵਾ ਮਾਲ ਰਿਕਾਰਡ ਵਿੱਚ 1300 ਕਨਾਲ 13 ਮਰਲਾ (162.5 ਏਕੜ) ਜਮੀਨ ਸ਼ਾਮਲਾਤ ਦੇਹ ਹਸਦ ਰਸਦ ਕਰ ਖੇਵਟ ਵਜੋਂ ਦਰਜ ਹੈ। ਇਹ ਜਮੀਨ ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗੂਲੇਸ਼ਨ) ਐਕਟ 1961 ਮੁਤਾਬਕ ਗਰਾਮ ਪੰਚਾਇਤ ਦੀ ਮਲਕੀਅਤ ਅਧੀਨ ਆਉਂਦੀ ਹੈ। ਲਿਹਾਜ਼ਾ ਇਹ ਜਮੀਨ ਪ੍ਰਾਈਵੇਟ ਵਿਅਕਤੀਆਂ ਦੀ ਮਲਕੀਅਤ ਨਹੀਂ ਬਲਕਿ ਪਿੰਡ ਦੇ ਸਾਂਝੇ ਕੰਮਾਂ ਦੇ ਲਈ ਵਰਤੀ ਜਾਣ ਵਾਲੀ ਜਮੀਨ ਹੈ। ਪਰ ਇਸ ਕੇਸ ਵਿੱਚ ਬਹੁਤ ਸਾਲਾਂ ਤੋਂ ਇਹ ਜਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਜਾਇਜ਼ ਕਬਜੇ ਅਧੀਨ ਹੈ। ਜਿਸ ਕਾਰਨ ਗਰਾਮ ਪੰਚਾਇਤ ਜਾਂ ਪਿੰਡ ਨੂੰ ਇਸ ਜਮੀਨ ਤੋਂ ਕੋਈ ਲਾਭ ਨਾ ਹੋ ਸਕਿਆ। ਜਮ੍ਹਾਂਬੰਦੀ ਮੁਤਾਬਿਕ ਇਹ ਸ਼ਨਾਖਤ ਕੀਤੀ ਪੰਚਾਇਤ ਦੀ 1300 ਕਨਾਲ 13 ਮਰਲਾ (162.5 ਏਕੜ) ਜਮੀਨ ਸ਼ਾਮਲਾਤ ਦੇਹ ਹਸਦ ਰਸਦ ਕਰ ਖੇਵਟ ਦੇ ਵਿੱਚ 350 ਤੋਂ ਵੱਧ ਵਿਅਕਤੀਆਂ ਦਾ ਕਬਜਾ ਹੈ। ਇਸ ਜਮੀਨ ‘ਤੇ ਨਜਾਇਜ ਕਬਜੇ ਨੂੰ ਹੱਟਾਉਣ ਲਈ ਸਰਪੰਚ ਗਰਾਮ ਪੰਚਾਇਤ ਲੱਖਾ ਸ਼੍ਰੀ ਜਸਵੀਰ ਸਿੰਘ ਨੂੰ ਇਸ ਦਫਤਰ ਵਲੋਂ ਹੱਦਾਇਤ ਕੀਤੀ ਗਈ ਕਿ ਨਜਾਇਜ ਕਬਜੇ ਨੂੰ ਦੂਰ ਕਰਵਾਉਣ ਲਈ ਕਾਨੂੰਨ ਮੁਤਾਬਿਕ ਕਾਰਵਾਈ ਆਰੰਭ ਲਈ ਜਾਵੇ। ਗਰਾਮ ਪੰਚਾਇਤ ਦੇ ਹਿੱਤਾਂ ਦੀ ਰਾਖੀ ਕਰਦਿਆਂ ਸਰਪੰਚ ਵੱਲੋਂ ਪੰਜਾਬ ਵਿਲੇਜ਼ ਕਾਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਧਾਰਾ 7 ਅਧੀਨ ਮਾਨਯੋਗ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਕੁਲੈਕਟਰ ਦੀ ਅਦਾਲਤ ਵਿੱਚ ਕੇਸ ਫਾਈਲ ਕਰ ਦਿੱਤੇ ਗਏ ਹਨ।

About Author

Leave A Reply

WP2Social Auto Publish Powered By : XYZScripts.com