Wednesday, March 12

ਹਰਪ੍ਰੀਤ ਸੰਧੂ ਵੱਲੋਂ ਪੁਲ ਕੰਜਰੀ ਉਤੇ ਬਣਾਈ ਦਸਤਾਵੇਜ਼ੀ ਫਿਲਮ ‘ਪੁਲ ਕੰਜਰੀ’ ਵਿਖੇ ਹੀ ਕੀਤੀ ਰਿਲੀਜ਼

-ਔਜਲਾ, ਜਿਲਾ ਸੈਸਨ ਜੱਜ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ, (ਬਿਊਰੋ)-ਕਲਾ ਅਤੇ ਇਤਹਾਸ ਪ੍ਰੇਮੀ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਸ਼ੇਰ-ਏ-ਪੰਜਾਬ ਮਾਹਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਮੁਕਾਮ ਪੁਲ ਕੰਜਰੀ, ਜੋ ਕਿ ਇਸ ਵੇਲੇ ਭਾਰਤ ਤੇ ਪਾਕਿਸਤਾਨ ਸਰਹੱਦ ਉਤੇ ਸਥਿਤ ਹੈ, ਉਪਰ ਬਣਾਈ ਗਈ ਦਸਤਾਵੇਜ਼ੀ ਫਿਲਮ ‘ਪੁਲ ਕੰਜਰੀ’ ਨੂੰ ਅੱਜ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਜਿਲਾ ਤੇ ਸੈਸ਼ਨ ਜੱਜ ਸ. ਬਲਵਿੰਦਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਡਾ. ਸੁਖਚੈਨ ਸਿੰਘ ਗਿੱਲ, ਡੀ. ਆਈ. ਜੀ. ਬੀ ਐਸ ਐਫ ਭੁਪਿੰਦਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦਿਨੇਸ਼ ਬੱਸੀ, ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸ. ਰਮਿੰਦਰ ਸਿੰਘ ਰੰਮੀ, ਐਸ ਡੀ ਐਮ ਸ. ਸ਼ਿਵਰਾਜ ਸਿੰਘ ਬੱਲ ਵੱਲੋਂ ਰਿਲੀਜ਼ ਕੀਤਾ ਗਿਆ। ਪ੍ਰਭਾਵਸ਼ਾਲੀ ਰਿਲੀਜ਼ ਸਮਾਗਮ ਵੀ ਪੁਲ ਕੰਜਰੀ ਵਿਖੇ ਪਹੁੰਚ ਕੇ ਹੀ ਕੀਤਾ ਗਿਆ। ਇਸ ਮੌਕੇ ਸ. ਗੁਰਜੀਤ ਸਿੰਘ ਔਜਲਾ ਨੇ ਫਿਲਮ ਨਿਰਮਾਤਾ ਅਤੇ ਫੋਟੋਗ੍ਰਾਫਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਨੂੰ ਵਧਾਈ ਦਿੰਦੇ ਕਿਹਾ ਕਿ ਉਨਾਂ ਨੇ ਲਾਕ-ਡਾਊਨ ਦੌਰਾਨ ਮਿਲੇ ਸਮੇਂ ਨੂੰ ਸੱਚਮੁੱਚ ਹੀ ਸਹੀ ਵਰਤੋਂ ਵਿਚ ਲਿਆਂਦਾ ਹੈ ਅਤੇ ਸਾਡੇ ਇਤਹਾਸਕ ਸਥਾਨ, ਜੋ ਕਿ ਇਸ ਵੇਲੇ ਵੀ ਆਮ ਲੋਕਾਂ ਦੀ ਨਜ਼ਰ ਤੋਂ ਦੂਰ ਹੈ, ਨੂੰ ਦੁਨੀਆਂ ਦੀ ਨਿਗਾ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਹਰਪ੍ਰੀਤ ਸੰਧੂ ਦੀ ਇਹ ਕੋਸ਼ਿਸ਼ ਅੰਮ੍ਰਿਤਸਰ ਵਰਗੇ ਧਾਰਮਿਕ ਸ਼ਹਿਰ ਵਿਚ ਵਿਰਾਸਤੀ ਖਿਚ ਪੈਦਾ ਕਰਕੇ ਸੈਰ-ਸਪਾਟੇ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਉਨਾਂ ਕਿਹਾ ਕਿ ਸਾਡੇ ਅਜਿਹੇ ਹੋਰ ਵੀ ਬਹੁਤ ਸਾਰੇ ਸਥਾਨ ਸੈਲਾਨੀਆਂ ਦੀ ਖਿੱਚ ਬਣ ਸਕਦੇ ਹਨ, ਬਸ਼ਰਤੇ ਕਿ ਉਨਾਂ ਨੂੰ ਸੈਰ-ਸਪਾਟਾ ਸਰਕਟ ਨਾਲ ਜੋੜ ਕੇ ਲੋਕਾਂ ਦੀ ਪਹੁੰਚ ਬਣਾਈ ਜਾਵੇ। ਜਿਲਾ ਤੇ ਸੈਸ਼ਨ ਜੱਜ ਸ. ਬਲਵਿੰਦਰ ਸਿੰਘ ਸੰਧੂ ਨੇ ਵੀ ਹਰਪ੍ਰੀਤ ਸੰਧੂ ਦੀ ਮੁਬਾਰਕਬਾਦ ਦਿੰਦੇ ਅਜਿਹੀਆਂ ਕੋਸ਼ਿਸ਼ਾਂ ਅੱਗੇ ਤੋਂ ਵੀ ਕਰਦੇ ਰਹਿਣ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਸ ਦਸਤਾਵੇਜ਼ੀ ਫਿਲਮ ਨੂੰ ਪੰਜਾਬ ਦੇ ਸੈਰ-ਸਪਾਟੇ ਲਈ ਚੰਗਾ ਸੰਕੇਤ ਦੱਸਦੇ ਹਰਪ੍ਰੀਤ ਸੰਧੂ ਵੱਲੋਂ ਕੀਤੀ ਕੋਸ਼ਿਸ਼ ਦੀ ਸਰਾਹਨਾ ਕੀਤੀ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਅਜਿਹੇ ਉਦਮ ਕਰਦੇ ਰਹਿਣਗੇ। ਡੀ. ਆਈ. ਜੀ. ਸ. ਭੁਪਿੰਦਰ ਸਿੰਘ ਨੇ ਵੀ ਇਸ ਦਸਤਾਵੇਜ਼ੀ ਨੂੰ ਟੂਰਿਜ਼ਮ ਸਨਅਤ ਨਾਲ ਜੋੜਦੇ ਕਿਹਾ ਕਿ ਅਸੀਂ ਆਪਣੇ ਇਲਾਕੇ ਵਿਚ ਪੈਂਦੇ ਇਤਹਾਸਕ ਸਥਾਨਾਂ ਨੂੰ ਸਾਂਭ ਰਹੇ ਹਾਂ ਅਤੇ ਜੇਕਰ ਅੱਗੇ ਤੋਂ ਵੀ ਕੋਈ ਅਜਿਹਾ ਉਦਮ ਕਰਗੇ ਤਾਂ ਅਸੀਂ ਉਸਦਾ ਸਾਥ ਦਿਆਂਗੇ। ਸ੍ਰੀ ਹਰਪ੍ਰੀਤ ਸੰਧੂ ਨੇ ਇਸ ਪਿਆਰ ਲਈ ਸਾਰਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਮਿਲਿਆ ਪਿਆਰ ਮੈਨੂੰ ਇਸ ਖੇਤਰ ਵਿਚ ਹੋਰ ਕੰਮ ਕਰਨ ਲਈ ਪ੍ਰੇਰ ਰਿਹਾ ਹੈ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਪੰਜਾਬ ਦੇ ਸਾਰੇ ਇਤਹਾਸਕ ਸਥਾਨਾਂ ਨੂੰ ਡਿਜ਼ੀਟਲ ਭਾਸ਼ਾ ਵਿਚ ਕਮਲਬੰਦ ਕਰਾਂ, ਤਾਂ ਕਿ ਇਹ ਸਾਡਾ ਇਤਹਾਸ ਆਉਣ ਵਾਲੀਆਂ ਪੀੜੀਆਂ ਤੱਕ ਅਸਾਨ ਭਾਸ਼ਾ ਵਿਚ ਪਹੁੰਚ ਸਕੇ। ਉਨਾਂ ਇਸ ਪ੍ਰਾਜੈਕਟ ਲਈ ਸੈਰ ਸਪਾਟਾ ਵਿਭਾਗ ਦੇ ਸੈਕਟਰੀ ਸ੍ਰੀ ਹੁਸਨ ਲਾਲ ਵੱਲੋਂ ਮਿਲੇ ਯੋਗਦਾਨ ਦਾ ਜ਼ਿਕਰ ਕਰਦੇ ਕਿਹਾ ਕਿ ਇਹ ਕੰਮ ਸ੍ਰੀ ਹੁਸਨ ਲਾਲ ਤੇ ਬੀਐਸਐਫ ਦੀ ਸਹਾਇਤਾ ਤੋਂ ਬਿਨਾਂ ਪੂਰਾ ਹੋਣਾ ਮੁਮਕਿਨ ਹੀ ਨਹੀਂ ਸੀ।

About Author

Leave A Reply

WP2Social Auto Publish Powered By : XYZScripts.com