Wednesday, March 12

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਲੇਰਕੋਟਲਾ ਨੂੰ ਮੁਕੰਮਲ ਤੌਰ ’ਤੇ ਕੋਰੋਨਾ ਮੁਕਤ ਕਰਨ ਲਈ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ

-ਕੋਵਿਡ ਰੋਕਥਾਮ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
-ਮਲੇਰਕੋਟਲਾ ਵਿਖੇ ਰੋਜ਼ਾਨਾ ਦੇ ਆਧਾਰ ’ਤੇ ਹੋਵੇਗੀ ਸਮੀਖਿਆ, ਵੱਖ-ਵੱਖ ਵਰਗਾਂ ਤੱਕ ਬਣਾਈ ਜਾਵੇਗੀ ਪਹੁੰਚ
-ਮਲੇਰਕੋਟਲਾ ਨਿਵਾਸੀ ਸਿਹਤ ਸਬੰਧੀ ਸਲਾਹਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ: ਰਾਜੇਸ਼ ਤ੍ਰਿਪਾਠੀ

ਮਲੇਰਕੋਟਲਾ/ਸੰਗਰੂਰ,(ਬਿਊਰੋ)-ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਮਲੇਰਕੋਟਲਾ ਵਿਖੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਹੌਲੀ ਹੌਲੀ ਕਾਮਯਾਬੀ ਵੱਲ ਵਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਮਹਾਂਮਾਰੀ ਦੀ ਮੁਕੰਮਲ ਤੌਰ ’ਤੇ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਮਲੇਰਕੋਟਲਾ ਸਥਿਤ ਰੈਸਟ ਹਾਊਸ ਵਿਖੇ ਸਿਵਲ ਤੇ ਪੁਲਿਸ ਦੇ ਵੱਖ ਵੱਖ ਅਧਿਕਾਰੀਆਂ ਨਾਲ ਤਾਜ਼ਾ ਸਥਿਤੀ ਬਾਰੇ ਸਮੀਖਿਆ ਮੀਟਿੰਗ ਕਰਦਿਆਂ ਦਿੱਤੀ। ਸ਼੍ਰੀ ਤ੍ਰਿਪਾਠੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਵੱਲੋਂ ਮਲੇਰਕੋਟਲਾ ਵਿਖੇ ਰੋਜ਼ਾਨਾ ਪੱਧਰ ’ਤੇ ਸਮੀਖਿਆ ਮੀਟਿੰਗ ਕਰਨ ਦੇ ਨਾਲ ਨਾਲ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਇਸ ਬਿਮਾਰੀ ਦਾ ਡਰ ਖ਼ਤਮ ਕੀਤਾ ਜਾ ਸਕੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਵਿੱਚ ਮਲੇਰਕੋਟਲਾ ਵਾਸੀ ਮੋਹਰੀ ਬਣ ਸਕਣ। ਸਮੀਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੇ ਪਾਸਾਰ ਨੂੰ ਰੋਕਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਕੋਵਿਡ ਰੋਕਥਾਮ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਸਫ਼ਲ ਬਣਾਉਣ ਵਿੱਚ ਮਲੇਰਕੋਟਲਾ ਦੇ ਨਿਵਾਸੀਆਂ ਨੂੰ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੀ ਆਬਾਦੀ ਲਗਭਗ 1.5 ਲੱਖ ਦੇ ਕਰੀਬ ਹੈ ਅਤੇ ਇਸ ਸਬ ਡਵੀਜ਼ਨ ਵਿੱਚ 7 ਜੁਲਾਈ ਤੱਕ 2413 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 241 ਟੈਸਟ ਪਾਜ਼ੀਟਿਵ ਆਏ ਅਤੇ ਸਬ ਡਵੀਜ਼ਨ ਵਿੱਚ ਹਾਲੇ ਵੀ 73 ਐਕਟਿਵ ਕੇਸ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਇੱਕ ਲਾਗ ਦੀ ਬਿਮਾਰੀ ਹੈ ਜੋ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਸੰਪਰਕ ਵਿੱਚ ਆਉਣ ’ਤੇ ਫੈਲਦੀ ਹੈ ਜਿਸ ਨੂੰ ਮਾਸਕ ਪਾ ਕੇ ਰੱਖਣ, ਸਮਾਜਿਕ ਦੂਰੀ, ਵਾਰ ਵਾਰ ਹੱਥ ਧੋਣ ਸਬੰਧੀ ਸਿਹਤ ਸਲਾਹਾਂ ਦੀ ਪਾਲਣਾ ਕਰਕੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿਖੇ ਇਸ ਬਿਮਾਰੀ ਦੀ ਰੋਕਥਾਮ ਲਈ ਅੱਜ ਸੱਦੀ ਗਈ ਮੀਟਿੰਗ ਦਾ ਮੁੱਖ ਮਕਸਦ ਵੱਖ ਵੱਖ ਪਹਿਲੂਆਂ ਦੀ ਘੋਖ ਕਰਨਾ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਮਲੇਰਕੋਟਲਾ ਨੂੰ ਮੁਕੰਮਲ ਤੌਰ ’ਤੇ ਕੋਰੋਨਾ ਮੁਕਤ ਕੀਤਾ ਜਾ ਸਕੇ। ਮੀਟਿੰਗ ਦੌਰਾਨ ਕੋਵਿਡ ਪ੍ਰਬੰਧਨ ਲਈ ਮੁਹੱਲਾ ਪੱਧਰੀ ਕਮੇਟੀਆਂ ਦੇ ਗਠਨ, ਐਕਸ਼ਨ ਪਲਾਨ, ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ, ਮੀਡੀਆ ਦੇ ਸਹਿਯੋਗ, ਸਮਾਜ ਸੇਵੀ ਸੰਗਠਨਾਂ ਦੀ ਸ਼ਮੂਲੀਅਤ ਸਮੇਤ ਹੋਰ ਪਹਿਲੂਆਂ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਐਸ.ਡੀ.ਐਮ ਵਿਕਰਮਜੀਤ ਸਿੰਘ ਪਾਂਥੇ, ਐਸ.ਪੀ. ਮਨਜੀਤ ਸਿੰਘ ਬਰਾੜ, ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਦੇਵਦਰਸ਼ਦੀਪ ਸਿੰਘ, ਤਹਿਸੀਲਦਾਰ ਬਾਦਲ ਦੀਨ, ਕਾਰਜਸਾਧਕ ਅਫ਼ਸਰ, ਸਿਹਤ ਅਧਿਕਾਰੀ ਤੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com