Wednesday, March 12

ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਅਤੇ ਚਮੌਕਰ ਸਾਹਿਬ ਦੇ ਸੁੰਦਰੀਕਰਨ ਲਈ ਵਿਸ਼ੇਸ਼ ਉਪਰਾਲੇ: ਚੰਨੀ

-ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ‘ਤੇ ਖਰਚੇ ਜਾ ਰਹੇ ਨੇ ਕਰੀਬ 30 ਕਰੋੜ ਰੁਪਏ

-ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ ਖਰਚੇ ਜਾ ਰਹੇ ਨੇ ਕਰੀਬ 14 ਕਰੋੜ

-33 ਕਰੋੜ ਦੀ ਲਾਗਤ ਨਾਲ ਚਮਕੌਰ ਸਾਹਿਬ ਵਿਖੇ ਤਿਆਰ ਕੀਤਾ ਜਾ ਰਿਹੈ ਥੀਮ ਪਾਰਕ
ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਨ ਪ੍ਰੋਜੈਕਟ ਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੱਖਿਆ ਨੀਂਹ ਪੱਥਰ

ਫ਼ਤਹਿਗੜ੍ਹ ਸਾਹਿਬ, (ਬਿਊਰੋ)-ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਅਤੇ ਚਮੌਕਰ ਸਾਹਿਬ ਦੇ ਸੁੰਦਰੀਕਰਨ ਅਤੇ ਇੱਥੋਂ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਥਾਵਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਤੇ ਤਕਨੀਕੀ ਸਿੱਖਿਆ ਮੰਤਰੀ, ਪੰਜਾਬ, ਸ. ਚਰਨਜੀਤ ਸਿੰਘ ਚੰਨੀ ਨੇ ਇਥੇ ਜੋਤੀ ਸਰੂਪ ਮੋੜਾਂ ਵਿਖੇ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਅਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਸਬੰਧੀ 14 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਟੱਕ ਲਾ ਕੇ ਪ੍ਰੋਜੈਕਟ ਦੀ ਸ਼ੁਰੂਆਤ ਵੀ ਕਰਵਾਈ। ਕੈਬਨਿਟ ਮੰਤਰੀ ਸ. ਚੰਨੀ ਨੇ ਕਿਹਾ ਕਿ ਉਂਜ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਕਰੀਬ 30 ਕਰੋੜ ਰੁਪਏ ਖਰਚੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਰੀਬ 11 ਕਰੋੜ ਰੁਪਏ ਆਮ ਖ਼ਾਸ ਬਾਗ ਦੀ ਸਾਂਭ ਸੰਭਾਲ ਲਈ ਖਰਚੇ ਜਾ ਰਹੇ ਹਨ ਤੇ ਇਹ ਕੰਮ ਬਹੁਤ ਤੇਜ਼ੀ ਨਾਲ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ। ਇਸ ਦੇੇ ਨਾਲ-ਨਾਲ ਸੰਘੋਲ ਵਿਖੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਕਰੀਬ 05 ਕਰੋੜ ਰੁਪਏ ਖਰਚੇ ਜਾ ਰਹੇ ਹਨ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਨੇ ਕਿਹਾ ਕਿ 14 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਤਹਿਤ ਜਿੱਥੇ ਜੋਤੀ ਸਰੂਪ ਮੋੜਾਂ ਵਿਖੇ ਸੁੰਦਰ ਚੌਕ ਬਣਾ ਕੇ ਇੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾ ਜਾਵੇਗਾ, ਉਥੇ ਇਸ ਚੌਕ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਆਮ ਖ਼ਾਸ ਬਾਗ ਨੂੰ ਜਾਂਦੀਆਂ ਸੜਕਾਂ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਹੀ ਸ਼ਹੀਦ ਊਧਮ ਸਿੰਘ ਦੇ ਸਮਾਰਕ, ਦੀਵਾਨ ਟੋਡਰ ਮੱਲ ਦੀ ਹਵੇਲੀ (ਜਹਾਜ਼ ਹਵੇਲੀ), ਡੇਰਾ ਮੀਰ ਮੀਰਾਂ ਵਿਖੇ ਸਥਿਤ ਮਕਬਰੇ ਅਤੇ ਭਗਤ ਸਧਨਾ ਜੀ ਦੇ ਮਕਬਰੇ ਦੀ ਸੰਭਾਲ ਅਤੇ ਇਨ੍ਹਾਂ ਦੇ ਆਲੇ ਦੁਆਲੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹੀਦ ਭਾਈ ਸੰਗਤ ਸਿੰਘ ਦਾ ਜੋ ਸਥਾਨ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਹੈ, ਉਸ ਦੀ ਸਾਂਭ ਸੰਭਾਲ ਕਰ ਕੇ ਉਸ ਨੂੰ ਸੁੰਦਰ ਰੂਪ ਵਿੱਚ ਉਭਾਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸਿੱਧ ਫਲੋਟਿੰਗ ਰੈਸਟੋਰੈਂਟ ਦੀ ਕਾਇਆ ਕਲਪ ਕਰ ਕੇ ਛੇਤੀ ਹੀ ਉਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸ. ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ ਵੀ ਕਰੀਬ 14 ਕਰੋੜ ਰੁਪਏ ਖਰਚੇ ਜਾ ਰਹੇ ਹਨ ਤੇ ਉਥੇ 33 ਕਰੋੜ ਰੁਪਏ ਦੀ ਲਾਗਤ ਨਾਲ ਥੀਮ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਵਿਰਾਸਤ-ਏ-ਖ਼ਾਲਸਾ, ਸ੍ਰੀ ਆਨੰਦਪੁਰ ਸਾਹਿਬ ਦੀ ਤਰਜ਼ ਉਤੇ ਸਿੱਖ ਇਤਿਹਾਸ ਨੂੰ ਦਰਸਾਇਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨਾਲ ਜੁੜੀਆਂ ਰਹਿਣ। ਸ. ਚੰਨੀ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਭਗੜਾਣਾ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ. ਬਣਾਈ ਜਾਣੀ ਹੈ, ਜਿਸ ਦਾ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ ਤੇ ਉਸ ਨੂੰ ਛੇਤੀ ਮੁਕੰਮਲ ਕਰ ਕੇ ਕਾਰਜਸ਼ੀਲ ਕੀਤਾ ਜਾਵੇਗਾ। ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਹਲਕੇ ਦੀਆਂ ਵੱਡੀ ਗਿਣਤੀ ਸੜਕਾਂ ਦੀ ਕਾਇਆ ਕਲਪ ਕੀਤੀ ਗਈ ਹੈ ਤੇ ਰਹਿੰਦੀਆਂ ਸੜਕਾਂ ਦੀ ਵੀ ਛੇਤੀ ਹੀ ਕਾਇਆ ਕਲਪ ਕਰ ਕੇ ਹਲਕੇ ਦੀ ਇੱਕ ਵੀ ਸੜਕ ਨਵਨਿਰਮਾਣ ਜਾਂ ਵਿਸ਼ੇਸ਼ ਰਿਪੇਅਰ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਦੇ ਨਾਲ ਨਾਲ ਸਰਹਿੰਦ ਚੋਅ ਨੂੰ ਪੱਕਾ ਕੀਤਾ ਗਿਆ ਹੈ ਤੇ ਹੁਣ ਉਸ ਦੇ ਅਗਲੇ ਹਿੱਸੇ ਦੀ ਚੈਨੇਲਾਈਜ਼ੇਸ਼ਨ ਜਾਰੀ ਹੈ। ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ ਚਹੁੰ ਮਾਰਗੀ ਕੀਤੀਆਂ ਗਈਆਂ ਹਨ ਜਾਂ ਚੌੜੀਆਂ ਕੀਤੀਆਂ ਗਈਆਂ ਹਨ। ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਨਵਾਂ ਬੱਸ ਅੱਡਾ ਬਣਾਇਆ ਗਿਆ ਹੈ ਤੇ ਚਨਾਰਥਲ ਕਲਾਂ ਨੂੰ ਸਬ ਤਹਿਸੀਲ ਬਣਾਇਆ ਗਿਆ ਹੈ। ਹਲਕੇ ਦੀਆਂ ਸਾਰੀਆਂ ਮੰਡੀਆਂ ਦੀ ਕਾਇਆ ਕਲਪ ਕੀਤੀ ਗਈ ਹੈ। ਫ਼ਤਹਿਗੜ੍ਹ ਸਾਹਿਬ ਵਿਖੇ ਸੀਵਰੇਜ ਪਾਉਣ, ਸਟਰੀਟ ਲਾਈਟਾਂ ਲਾਉਣ ਤੇ ਗਲੀਆਂ ਵਿੱਚ ਇੰਟਰਲੌਕਿੰਗ ਟਾਈਲਾਂ ਲਾਉਣ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ ਤੇ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਇਹ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਦੇ ਨਾਲ-ਨਾਲ 10 ਕਰੋੜ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਵਨ ਸਟਾਪ ਸੈਂਟਰ ਵੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪੀ.ਆਰ.ਟੀ.ਸੀ ਦੇ ਡਾਇਰੈਕਟਰ ਸ੍ਰੀ ਸੁਭਾਸ਼ ਸੂਦ, ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ੍ਰੀਮਤੀ ਮਨਦੀਪ ਕੌਰ ਨਾਗਰਾ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਐਸ.ਪੀ. (ਡੀ) ਹਰਪਾਲ ਸਿੰਘ ਤੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਸੈਰ ਸਪਾਟਾ ਵਿਭਾਗ ਦੇ ਚੀਫ ਜਨਰਲ ਮੈਨੇਜਰ ਯੋਗੇਸ਼ ਗੁਪਤਾ ਤੇ ਪ੍ਰੋਜੈਕਟ ਮੈਨੇਜਰ ਪ੍ਰੇਮ ਚੰਦ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com